ਪੰਜਾਬ ਦੀ ਪਵਿੱਤਰ ਧਰਤੀ ਤੇ ਸਮੇਂ ਸਮੇਂ ਅਨੇਕਾਂ ਢਾਡੀਆਂ ਕਵੀਸ਼ਰਾਂ ਨੇ ਜਨਮ ਲੈ ਕੇ ਸਿੱਖ ਇਤਿਹਾਸ ਨੂੰ ਸਾਂਭਣ ਲਈ ਭਰਪੂਰ ਯੋਗਦਾਨ ਪਾਇਆ ਹੈ। ਸਿੱਖ ਧਰਮ ਅੰਦਰ ਢਾਡੀ ਤੇ ਕਵੀਸ਼ਰ ਪ੍ਰਮੁੱਖ ਰੁਤਬਾ ਰੱਖਦੇ ਹਨ , ਸ਼੍ਰੋਮਣੀ ਕਵੀਸ਼ਰ ਬਲਵੰਤ ਸਿੰਘ ਪਮਾਲ ਨੇ ਕਵੀਸ਼ਰੀ ਦੇ ਸਿਰ ਤੇ ਨਿੱਕੇ ਜਿਹੇ ਪਿੰਡ ਪਮਾਲ ਦਾ ਨਾਂ ਚਮਕਾ ਦਿੱਤਾ ਸੀ। ਉਨਾਂ ਨੇ 1ਹਜਾਰ ਦੇ ਲਗਭਗ ਕਵੀਸ਼ਰੀ ਕਵਿਤਾਵਾਂ ਪ੍ਰਸੰਗ ਲਿਖੇ। ਉਨਾਂ ਦਾ ਸਪੁੱਤਰ ਢਾਡੀ ਰਛਪਾਲ ਸਿੰਘ ਪਮਾਲ ਆਪਣੇ ਪਿਤਾ ਦੀ ਸੋਚ ਤੇ ਹੱਸ ਕੇ ਪਹਿਰਾ ਦੇ ਰਿਹਾ ਹੈ। ਢਾਡੀ ਰਛਪਾਲ ਸਿੰਘ ਪਮਾਲ ਨੂੰ ਪੰਜਾਬੀ ਕਵਿਤਾ ਦੀ ਖੂਬ ਸਮਝ ਹੈ। ਇਤਿਹਾਸ ਦੇ ਬਿਰਤਾਂਤ ਬੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕਰਦਾ ਹੈ। ਉਨਾਂ ਦੀ ਆਵਾਜ਼ ਵਿੱਚ ਅੰਤਾਂ ਦਾ ਕੰਨ – ਰਸ ਹੈ। ਅਸਲ ਵਿੱਚ ਉਹ ਜੋਸ਼ ਅਤੇ ਹੋਸ਼ ਦੇ ਨਾਂ ਦਾ ਸੁਮੇਲ ਹੈ ਮਾਝੇ ਦੁਆਬੇ ਮਾਲਵੇ ਦਾ ਕੋਈ ਸ਼ਾਇਦ ਹੀ ਮੇਲਾ ਹੋਵੇ ਜਿੱਥੇ ਉਸ ਦੀ ਹਾਜ਼ਰੀ ਨਾ ਲੱਗਦੀ ਹੋਵੇ। ਉਸ ਨੇ ਬੜੇ ਥੋੜੇ ਸਮੇਂ ਵਿੱਚ ਫਰਸ਼ ਤੋਂ ਅਰਸ਼ ਤੱਕ ਦਾ ਸਫਰ ਤੈਅ ਕੀਤਾ ਹੈ।
ਫਾਈਨ ਟੋਨ ਕੰਪਨੀ ਰਾਹੀਂ ਆਪਣੀ ਪਲੇਠੀ ਕੈਸਿਟ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਨਾਲ ਹੀ ਉਸਨੇ ਕਈ ਮੰਜ਼ਿਲਾਂ ਤੈਅ ਕੀਤੀਆਂ ਸਨ। ਸਿੱਖੀ ਜਾਣ ਤੋਂ ਪਿਆਰੀ, ਕੌਲਾ ਭਗਤਣੀ ,ਝੂਠੇ ਪੁਲਿਸ ਮੁਕਾਬਲੇ ,ਜੂਨ 84 ਦਾ ਘੱਲੂਘਾਰਾ ,ਦੁਨੀਆਂ ਮਤਲਬ ਦੀ ,ਸਾਕਾ ਸਰਹੰਦ ,ਤੇਰਾ ਖਾਲਸਾ ਪੰਥ ਬਾਜਾਂ ਵਾਲਿਆ, ਸ਼ਹੀਦੀ ਪਾ ਜਾਂਗੇ, ਦੇ ਨਾਲ ਹਮੇਸ਼ਾ ਅੱਗੇ ਵਧਦਾ ਰਿਹਾ , ਹੁਣ ਜੋ ਨਵੇਂ ਨਗਮੇ ਮਾਰਕੀਟ ਦੇ ਵਿੱਚ ਚੱਲ ਰਹੇ ਹਨ ਅੱਜ ਤੱਕ ਲੋਕੀ ਦੇਣ ਮਿਸਾਲਾਂ ਭਿੰਡਰਾਂ ਵਾਲੇ ਸ਼ੇਰ ਦੀਆਂ, ਸਾਡੇ ਲਈ ਤਾਂ ਉਹ ਰਹੂ ਸੰਤ ਜੀ, ਕੇਸਰੀ ਨਿਸ਼ਾਨ, ਦੀਪ ਸਿੱਧੂ ਦੀ ਕੁਰਬਾਨੀ, ਸ਼ਹੀਦ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਸਿੰਘ ਸਾਹਿਬ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਕੁਰਬਾਨੀ, ਹੁਣ ਤੱਕ ਲਗਭਗ 75 ਦੇ ਕਰੀਬ ਉਸਦੀਆਂ ਕੈਸਟਾਂ ਮਾਰਕੀਟ ਦੇ ਵਿੱਚ ਆ ਚੁੱਕੀਆਂ ਹਨ।
ਢਾਡੀ ਰਛਪਾਲ ਸਿੰਘ ਪਮਾਲ ਨੇ ਆਪਣੇ ਪਿਤਾ ਜੀ ਦੇ ਕਵੀਸ਼ਰ ਬਲਵੰਤ ਸਿੰਘ ਪਮਾਲ ਦੇ ਨਾਂ ਤੇ ਟਰੱਸਟ ਬਣਾਇਆ ਹੈ। ਜਿਸ ਦਾ ਉਹ ਆਪ ਪ੍ਰਧਾਨ ਹੈ ਅਤੇ ਇੰਟਰਨੈਸ਼ਨਲ ਢਾਡੀ ਸਭਾ ਦਾ ਵਿਦੇਸ਼ੀ ਵਿੰਗ ਦਾ ਵੀ ਪ੍ਰਧਾਨ ਹੈ। ਹੁਣ ਤੱਕ ਸਿੱਖੀ ਪ੍ਰਚਾਰ ਦੇ ਲਈ 25 ਵਾਰ ਕਨੇਡਾ, ਅਮਰੀਕਾ ,ਇਟਲੀ ,ਸਿੰਘਾਪੁਰ, ਹਾਂਗਕਾਂਗ ਦੇ ਵਿਦੇਸ਼ੀ ਦੌਰੇ ਕਰ ਚੁੱਕਿਆ ਹੈ ਤੇ ਵੱਖ-ਵੱਖ ਸੁਸਾਇਟੀਆਂ ਵੱਲੋਂ ਗੁਰੂ ਘਰਾਂ ਵੱਲੋਂ ਉਹਨਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਅੱਜ ਕੱਲ ਉਸ ਦੇ ਜੱਥੇ ਵਿੱਚ ਸੁਖਪਾਲ ਸਿੰਘ ਡੋਡ ਵਾਂਦਰ,ਬ੍ਰਿਸਛਪਾਲ ਸਿੰਘ ਬਰਕੰਦੀ , ਅਤੇ ਸਰਬਜੀਤ ਸਿੰਘ ਚੜਿਕ ਸਰੰਗੀ ਮਾਸਟਰ ਸੇਵਾ ਨਿਭਾ ਰਹੇ ਹਨ ਪਰਮਾਤਮਾ ਉਹਨਾਂ ਨੂੰ ਹੋਰ ਵੀ ਬੁਲੰਦੀਆਂ ਬਖਸ਼ੇ ਜੀ।
ਲੇਖਕ : ਅਮਰਜੀਤ ਮੁੱਲਾਂਪੁਰ
79866-60692