You are currently viewing ਇੱਕ ਔਰਤ ਦੀ ਚੁੱਪ ਨੂੰ ਜਿੱਤੇ ਜਾਣ ਲਈ ਹਾਰੇ ਗਏ ਸ਼ਬਦ

ਇੱਕ ਔਰਤ ਦੀ ਚੁੱਪ ਨੂੰ ਜਿੱਤੇ ਜਾਣ ਲਈ ਹਾਰੇ ਗਏ ਸ਼ਬਦ

ਬਹੁਤ ਪਹਿਲਾਂ ਦੀ ਗੱਲ ਹੈ. ਇੱਕ ਦਿਨ ਮਰਦ ਨੇ ਔਰਤ ਕੋਲੋਂ ਸਾਰੇ ਸ਼ਬਦ ਖੋ ਲਏ ਤੇ ਬਦਲੇ ਵਿੱਚ ਉਸਨੂੰ ਚੁੱਪ ਫੜ੍ਹਾ ਦਿੱਤੀ. ਉਸ ਦਿਨ ਉਹ ਬਹੁਤ ਖੁਸ਼ ਸੀ. ਸਵੇਰ ਤੋਂ ਸ਼ਾਮ ਤੱਕ… ਰੋਜ਼… ਉਹ ਸ਼ਬਦਾਂ ਨਾਲ ਖੇਡਦਾ. ਚਾਂਗਰਾਂ ਮਾਰਦਾ. ਜਦ ਥੱਕ ਜਾਂਦਾ ਸਾਰੇ ਸ਼ਬਦ ਅਲਮਾਰੀ ਵਿੱਚ ਰੱਖ ਕੇ ਜਿੰਦਾ ਲਾ ਦਿੰਦਾ.

ਇੱਕ ਦਿਨ ਮਰਦ ਘਰ ਆਇਆ ਤੇ ਵੇਖ ਕੇ ਹੈਰਾਨ ਰਹਿ ਗਿਆ. ਔਰਤ ਦੀ ਚੁੱਪ ਬੋਲ ਰਹੀ ਸੀ. ਬਹੁਤ ਉੱਚਾ. ਘਬਰਾ ਕੇ ਉਸਨੇ ਕਿੰਨੇ ਸਾਰੇ ਸ਼ਬਦ ਅਲਮਾਰੀ ਵਿੱਚੋਂ ਕੱਢੇ ਤੇ ਔਰਤ ਵੱਲ ਸੁੱਟ ਦਿੱਤੇ ਪਰ ਉਸਦੀ ‘ਚੁੱਪ’ ਚੁੱਪ ਨਾ ਹੋਈ.

ਫਿਰ ਉਹ ਰੋਜ਼ ਕੋਸ਼ਿਸ਼ ਕਰਦਾ. ਸ਼ਬਦਾਂ ਨਾਲ ਔਰਤ ਦੀ ਚੁੱਪ ਨੂੰ ਚੁੱਪ ਕਰਾਉਣ ਦਾ ਯਤਨ ਕਰਦਾ. ਕਦੇ ਲਾਲਚ ਵਰਗੇ ਸ਼ਬਦ ਸੁੱਟਦਾ, ਕਦੇ ਮੁਹੱਬਤ ਵਰਗੇ. ਕਦੇ ਮੰਤਰਾਂ ਵਰਗੇ ਅਤੇ ਕਦੇ ਕਵਿਤਾਵਾਂ ਵਰਗੇ ਪਰ ਉਸਦੇ ਸਾਰੇ ਸ਼ਬਦ ਵਿਅਰਥ ਜਾਂਦੇ. ਔਰਤ ਦੀ ਚੁੱਪ ਉਸ ਕੋਲੋਂ ਕੀਲੀ ਨਾ ਜਾਂਦੀ. ਇੱਕ-ਇੱਕ ਕਰਕੇ ਉਸਨੇ ਸਾਰੇ ਸ਼ਬਦ ਦਾਅ ਉੱਤੇ ਲਾ ਦਿੱਤੇ ਪਰ ਉਹ ਔਰਤ ਦੀ ਚੁੱਪ ਨੂੰ ਨਾ ਜਿੱਤ ਸਕਿਆ. ਸਗੋਂ ਉਹ ਸਾਰੇ ਸ਼ਬਦ ਹਾਰ ਗਿਆ. ਔਰਤ ਉੱਠੀ ਤੇ ਬਹੁਕਰ ਨਾਲ ਸਮੇਟ ਕੇ ਵਿਹੜੇ ਵਿੱਚ ਖਿੰਡੇ ਸਾਰੇ ਸ਼ਬਦ ਦਾਹਿਲੀਜੋਂ ਬਾਹਰ ਸੁੱਟ ਦਿੱਤੇ.

ਮਰਦ, ਅਕਸਰ, ਸ਼ਬਦਾਂ ਦਾ ਜੇਤੂ ਹੁੰਦਾ ਹੈ ਪਰ ਅਕਸਰ… ਉਹ ਇੱਕ ਔਰਤ ਦੀ ਚੁੱਪ ਦਾ ਗੁਲਾਮ ਹੁੰਦਾ ਹੈ. ਅਕਸਰ, ਮਰਦ ਦੀ ਅੱਧੀ ਜਿੰਦਗੀ ਸ਼ਬਦ ਜਿੱਤਣ ਵਿੱਚ ਲੰਘ ਜਾਂਦੀ ਹੈ ਤੇ ਬਾਕੀ ਦੀ ਅੱਧੀ ਉਨ੍ਹਾਂ ਸ਼ਬਦਾਂ ਨੂੰ ਕਿਸੇ ਔਰਤ ਦੀ ਚੁੱਪ ਨੂੰ ਜਿੱਤਣ ਲਈ ਹਾਰਨ ਵਿੱਚ.

ਬੋਲਦੀ ਹੋਈ ਔਰਤ ਨਹੀਂ, ਸਗੋਂ ‘ਚੁੱਪ’ ਔਰਤ ਮਰਦ ਲਈ ਸਭ ਤੋਂ ਵੱਡੀ ਚੁਨੌਤੀ ਹੁੰਦੀ ਹੈ. ਬੋਲਦੇ-ਬੋਲਦੇ ਔਰਤ ਦਾ ਚੁੱਪ ਕਰ ਜਾਣਾ ਇੱਕ ਮਰਦ ਲਈ ਸਭ ਤੋਂ ਵੱਡੀ ਸਜ਼ਾ ਹੁੰਦਾ ਹੈ. ਮਰਦ ਔਰਤ ਦੇ ਬੋਲਣ ਤੋਂ ਨਹੀਂ, ਉਸਦੀ ਚੁੱਪ ਤੋਂ ਡਰਦਾ ਹੈ, ਜੋ ਉਸਨੂੰ ਸਦੀਆਂ ਤੋਂ ਹਰਾਉਂਦੀ ਆਈ ਹੈ.

ਪੇਸ਼ਕਸ਼ ਅਮਰਜੀਤ ਮੁੱਲਾਪੁਰ

Leave a Reply