ਸਿੱਖ ਸਮਾਜ ਤੇ ਅਹਿਸਾਨ ਗਿਣਾਉਣ ਦਾ ਸ਼ਰਮਨਾਕ ਦਸਤਾਵੇਜ਼ ਹੈ IRCTC ਦਾ ਈ – ਬੁੱਕ

ਕੀ ਸਾਨੂੰ ਭਾਰਤ ਦਾ ਹਿੱਸਾ ਮੰਨਿਆ ਜਾ ਰਿਹਾ ਕਿ ਜਾਂ ਅਸੀਂ ਸ਼ਰਨਾਰਥੀ ਹਾਂ ਸਾਡੇ ਉੱਪਰ ਅਹਿਸਾਨ ਗਿਣਾਏ ਜਾ ਰਹੇ ਹਨ

ਮਹੱਲੇ ਦੇ ਯਾਰਾਂ ਦੋਸਤਾਂ ਵਿੱਚ ਕਿਸੇ ਗੱਲ ਉੱਤੇ ਬਹਿਸ ਹੋ ਜਾਂਦੀ ਹੈ ਤਾਂ ਅਕਸਰ ਗਰਮਾਂ ਗਰਮੀ ਇਸ ਗੱਲ ਉੱਤੇ ਪਹੁੰਚ ਜਾਂਦੀ ਹੈ ਕਿ ਕਿਸ ਦੋਸਤ ਨੇ ਦੂਸਰੇ ਲਈ ਕੀ ਕੀ ਕੀਤਾ ਹੈ । ਕਦੋਂ ਸਿਨਮੇਂ ਦੇ ਟਿਕਟ ਦਾ ਪੈਸਾ ਦਿੱਤਾ ਤੇ ਕਦੋਂ ਚਾਟ ਖਿਲਾਈ । ਉਸੇ ਤਰਜ ਉੱਤੇ ਮੋਦੀ ਸਰਕਾਰ ਨੇ ਇਹ ਦੱਸਣ ਲਈ ਇੱਕ ਈ ਛੋਟੀ ਪੁਸਤਕ ਬਣਾਈ ਹੈ ਕਿ ਸਿੱਖ ਸਮਾਜ ਲਈ ਕੀ ਕੀ ਕੀਤਾ ਹੈ । ਕਿਸਾਨ ਅੰਦੋਲਨ ਨੂੰ ਕਾਊਂਟਰ ਕਰਨ ਲਈ ਦੋ ਕਰੋਡ਼ ਲੋਕਾਂ ਨੂੰ ਈਮੇਲ ਭੇਜੇ ਗਏ ਹਨ । ਈਮੇਲ ਵਿੱਚ 47 ਪੰਨਿਆਂ ਦੀ ਈ – ਛੋਟੀ ਪੁਸਤਕ ਹੈ । ਇਸਨੂੰ ਸੂਚਨਾ ਪ੍ਰਸਾਰਣ ਮੰਤਰਾਲੇ ਨੇ ਤਿਆਰ ਕੀਤਾ ਹੈ । ਇਸਨੂੰ ਤੁਸੀ ਪੜ੍ਹੋਗੇ ਤਾਂ ਲੱਗੇਗਾ ਕਿ ਕੋਈ ਅਹਿਸਾਂਨ ਗਿਣਾਇਆ ਜਾ ਰਿਹਾ ਹੈ ਕਿ ਤੁਹਾਡੇ ਲਈ ਇਹ ਕੀਤਾ ਉਹ ਕੀਤਾ । ਪੂਰਾ ਕੰਟੇਂਟ ਹੀ ਅਪਮਾਨਜਨਕ ਹੈ ।

ਮਸਲਾ ਤਿੰਨ ਕਨੂੰਨ ਦਾ ਹੈ ਤਾਂ ਇਸ ਵਿੱਚ ਸਿੱਖ ਸਮਾਜ ਲਈ ਕੀਤੇ ਕੰਮ ਦੀ ਗਿਣਤੀ ਕਿਉਂ ਕਰਾਈ ਗਈ ਹੈ ? ਇੱਕੋ ਜਿਹੇ ਕੰਮ ਨੂੰ ਵੀ ਸਿੱਖ ਸਮਾਜ ਲਈ ਕੀਤਾ ਗਿਆ ਕੰਮ ਦੱਸਿਆ ਗਿਆ ਹੈ ।
ਜਿਵੇਂ ਦੱਸਿਆ ਗਿਆ ਹੈ ਕਿ 31 ਲੱਖ ਸਿੱਖ ਵਿਦਿਆਰਥੀਆਂ ਨੂੰ ਮੈਟਰਿਕ ਤੋਂ ਪਹਿਲਾਂ ਅਤੇ ਮੈਟਰਿਕ ਤੋਂ ਬਾਅਦ ਵਜੀਫੇ ਦਿੱਤੇ ਗਏ ਹਨ । ਸਰਕਾਰ ਦੱਸੇ ਕਿ ਕੀ ਇਹ ਵਜ਼ੀਫ਼ੇ ਵਿਸ਼ੇਸ਼ ਰੂਪ ਵਿਚ ਸਿੱਖ ਵਿਦਿਆਰਥੀਆਂ ਲਈ ਸਨ ਜਾਂ ਦੇਸ਼ ਦੇ ਸਾਰੇ ਵਿਦਿਆਰਥੀਆਂ ਦੇ ਲਈ ? ਜੇਕਰ ਸਾਰਿਆਂ ਨੂੰ ਦਿੱਤੇ ਗਏ ਹਨ ਤਾਂ ਉਸ ਵਿੱਚ ਪੰਜਾਬ ਜਾਣ ਵਾਲੀ ਰਾਸ਼ੀ ਨੂੰ ਸਿੱਖਾਂ ਨਾਲ ਜੋੜ ਕੇ ਕਾਹਤੋਂ ਦੱਸਿਆ ਗਿਆ ਹੈ ? ਕੀ ਇਹ ਸ਼ਰਮਨਾਕ ਨਹੀਂ ਹੈ ?

ਹੱਦ ਤਾਂ ਤੱਦ ਹੋ ਗਈ ਜਦੋਂ ਇਸ ਈ – ਛੋਟੀ ਪੁਸਤਕ ਵਿੱਚ ਇਸਦੀ ਵੀ ਗਿਣਤੀ ਕਰ ਦਿੱਤੀ ਗਈ ਹੈ ਕਿ “ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਸ਼ਰਧਾਲੂਆਂ ਲਈ ਉੱਚ ਸਮਰੱਥਾ ਵਾਲੀ ਦੂਰਬੀਨ ਲਗਾਈ ਗਈ । ” ਕੀ ਇਹ ਉਪਕਾਰ ਗਿਣਾਉਣਾ ਨਹੀਂ ਹੈ ? ਦੂਰਬੀਨ ਦਾ ਵੀ ਹਿਸਾਬ ਇਨ੍ਹੇ ਵੱਡੇ ਮੁਲਕ ਦੀ ਸਰਕਾਰ ਕਰੇਗੀ ?

ਇੱਕ ਚੈਪਟਰ ਵਿੱਚ ਜਿਕਰ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਉੱਤੇ ICCR ਨੇ ਇੱਕ ਇੰਟਰਨੈਸ਼ਨਲ ਸੈਮੀਨਾਰ ਦਾ ਪ੍ਰਬੰਧ ਕੀਤਾ । ਵਾਹ ਇੱਕ ਸੈਮੀਨਾਰ ਦਾ ਵੀ ਹਿਸਾਬ ਜੋੜ ਦਿੱਤਾ ਗਿਆ ਹੈ । ਗਨੀਮਤ ਹੈ ਕਿ ਸੈਮੀਨਾਰ ਵਿੱਚ ਚਾਹ , ਪਕੌੜੇ , ਫੋਲਡਰ ਅਤੇ ਗੁਲਦਸਤਿਆਂ ਉੱਤੇ ਕਿੰਨਾ ਖਰਚ ਹੋਇਆ ਇਸਦਾ ਬਿਉਰਾ ਨਹੀਂ ਦਿੱਤਾ ਗਿਆ ਹੈ । ਉਹ ਵੀ ਦੇ ਹੀ ਦਿੰਦੇ । ਇੱਕ ਜਗ੍ਹਾ ਲਿਖਿਆ ਹੈ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਸਾਲ ਭਰ ਕੀਰਤਨ , ਕਥਾ , ਪ੍ਰਭਾਤ – ਫੇਰੀ , ਲੰਗਰਾਂ ਦਾ ਪ੍ਰਬੰਧ ਕੀਤਾ ਗਿਆ । ਇਹ ਕੀ ਗੱਲ ਹੋਈ । ਲੰਗਰ ਤੱਕ ਦਾ ਹਿਸਾਬ ਗਿਣਾ ਦਿੱਤਾ ? ਤਾਂ ਇਹ ਵੀ ਦੱਸ ਦਿੰਦੇ ਕਿ ਇਸਦਾ ਬਜਟ ਕੀ ਸੀ ਅਤੇ ਮੋਦੀ ਸਰਕਾਰ ਨੇ ਕਿੱਥੇ ਕਿੱਥੇ ਲੰਗਰਾਂ ਦਾ ਪ੍ਰਬੰਧ ਕੀਤਾ ਅਤੇ ਪ੍ਰਭਾਤ ਫੇਰੀ ਲਗਾਈ , ਇਸਦੀ ਤਸਵੀਰ ਵੀ ਲਾ ਦਿੰਦੇ । ਜਵਾਬ ਵਿੱਚ ਜੇਕਰ ਹਰ ਤਬਾਹੀ ਵਿੱਚ ਸਿੱਖ ਸਮਾਜ ਦੇ ਲੋਕ ਜੋ ਲੰਗਰ ਲੈ ਕੇ ਪਹੁੰਚ ਜਾਂਦੇ ਹਨ ਉਸਨੂੰ ਗਿਣਾਉਣ ਲੱਗ ਪਏ ਤਾਂ ਸਰਕਾਰ ਲਈ ਚੱਪਣੀ ‘ਚ ਨੱਕ ਡੋਬ ਕੇ ਮਰਨ ਵਾਲੀ ਗੱਲ ਹੋ ਜਾਂਣੀ ਹੈ ।

ਤੁਸੀ ਇਹ ਪੜ੍ਹ ਕੇ ਹੈਰਾਨ ਹੋ ਜਾਓਗੇ ਕਿ ਇਹ ਵੀ ਲਿਖਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਉੱਤੇ 12 ਥਾਂਵਾਂ ਉੱਤੇ ਮਲਟੀ ਮੀਡੀਆ ਨੁਮਾਇਸ਼ ਦਾ ਪ੍ਰਬੰਧ ਕੀਤਾ ਗਿਆ । ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੀ ਰਾਜਸੀ ਯਾਤਰਾ ਦੇ ਦੌਰਾਨ ਉਨ੍ਹਾਂ ਦੇ ਅਮ੍ਰਿਤਸਰ ਸਥਿਤ ਸ਼੍ਰੀ ਹਰਮੰਦਿਰ ਸਾਹਿਬ ਦੇ ਦੌਰੇ ਦਾ ਪ੍ਰਬੰਧ ਕੀਤਾ ਗਿਆ । ਸੋਚੋ ਇਹ ਕਿੰਨਾ ਵੱਡਾ ਕੰਮ ਹੈ ਜਿਵੇਂ ਵਿਵਸਥਾ ਨਾਂ ਕੀਤੀ ਗਈ ਹੁੰਦੀ ਤਾਂ ਅਸ਼ਰਫ ਗਨੀ ਦਿੱਲੀ ਤੋਂ ਅੰਮ੍ਰਿਤਸਰ ਆਟੋ ਤੇ ਚਲੇ ਗਏ ਹੁੰਦੇ ! ਕੀ ਇਹ ਸ਼ਰਮਨਾਕ ਨਹੀਂ ਹੈ ?

ਕੀ ਇਹ ਦੱਸਣਾ ਵੀ ਸ਼ਰਮਨਾਕ ਨਹੀਂ ਹੈ ਕਿ ਸਿੱਖ ਗੁਰੂ ਪ੍ਰਕਾਸ਼ ਪਰਵ ਉੱਤੇ ਸੌ ਕਰੋਡ਼ ਅਤੇ ਤਿੰਨ ਸੌ ਕਰੋਡ਼ ਖਰਚ ਕੀਤਾ ? ਕੀ ਸਰਕਾਰ ਨੇ ਕੁੰਭ ਦੇ ਪ੍ਰਬੰਧ ਉੱਤੇ ਖ਼ਰਚ ਨਹੀਂ ਕੀਤਾ ? ਯੂਪੀ ਸਰਕਾਰ ਨੇ 2019 ਦੇ ਪ੍ਰਯਾਗਰਾਜ ਕੁੰਭ ਲਈ 4 , 236 ਕਰੋਡ਼ ਦਾ ਬਜਟ ਰੱਖਿਆ ਸੀ । ਕੀ ਮੋਦੀ ਸਰਕਾਰ ਇੱਕ ਦਿਨ ਇਹ ਵੀ ਗਿਣਾਏਗੀ ਕਿ ਹਿੰਦੂ ਸਮਾਜ ਲਈ ਕਿੰਨਾ ਖਰਚ ਕੀਤਾ ?

ਮੇਰੀ ਰਾਏ ਵਿੱਚ ਸਰਕਾਰ ਨੂੰ ਇਸ ਈ – ਛੋਟੀ ਪੁਸਤਕ ਲਈ ਮਾਫੀ ਮੰਗਣੀ ਚਾਹੀਦੀ ਹੈ । ਜੋ ਇਹ ਦੱਸਣ ਲਈ ਤਿਆਰ ਕੀਤੀ ਗਈ ਹੈ ਕਿ ਮੋਦੀ ਸਰਕਾਰ ਦਾ ਸਿੱਖ ਸਮਾਜ ਨਾਲ ਕਿੰਨਾ ਅਟੂਟ ਸੰਬੰਧ ਹੈ ਲੇਕਿਨ ਦੱਸ ਰਹੀ ਹੈ ਕਿ ਇੱਕ ਸੈਮੀਨਾਰ ਤੋਂ ਲੈ ਕੇ ਲੰਗਰ ਉੱਤੇ ਹੋਣ ਵਾਲੇ ਖਰਚੇ ਕਿੰਨੇ ਹਨ ? ਜਦੋਂ ਤੁਸੀ ਸੰਬੰਧ ਦੀ ਗੱਲ ਕਰਦੇ ਹੋ ਤੱਦ ਤੁਸੀ ਪੈਸੇ ਦਾ ਹਿਸਾਬ ਨਹੀਂ ਕਰਦੇ । ਇਸ ਈ – ਛੋਟੀ ਪੁਸਤਕ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ।
ਮੂਲ ਲੇਖਕ – ਰਵੀਸ਼ ਕੁਮਾਰ
ਪੰਜਾਬੀ ਅਨੁਵਾਦ – ਮਸਤਾਂਨ ਸਿੰਘ ਪਾਬਲਾ

Leave a Reply